ਨਜਾਇਜ਼ ਕਬਜਿਆ ਨੂੰ ਲੈ ਕੇ ਸ਼ਾਹਕੋਟ ’ਚ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦਾ ਚੱਲਿਆ ਡੰਡਾ

RNI NEWS :- ਨਜਾਇਜ਼ ਕਬਜਿਆ ਨੂੰ ਲੈ ਕੇ ਸ਼ਾਹਕੋਟ ’ਚ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦਾ ਚੱਲਿਆ ਡੰਡਾ

ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਐੱਸ.ਡੀ.ਐੱਮ. ਦੀ ਅਗਵਾਈ ’ਚ ਹਟਵਾਏ ਨਜਾਇਜ਼ ਕਬਜ਼ੇ,ਫੁੱਟਪਾਥ ਅਤੇ ਸੜਕਾਂ ’ਤੇ ਨਜਾਇਜ਼ ਪਿਆ ਸਮਾਨ ਲਿਆ ਕਬਜ਼ੇ ’ਚ ਪ੍ਰਸਾਸ਼ਨ ਨੇ ਕੀਤੀ ਨਿਰਪੱਖ ਕਾਰਵਾਈ, ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ

ਸ਼ਾਹਕੋਟ/ਮਲਸੀਆਂ, 15 ਜੁਲਾਈ (ਏ.ਐਸ ਸੱਚਦੇਵਾ/ਅਰੋੜਾ ਸ਼ਾਹਕੋਟ)

ਸ਼ਾਹਕੋਟ ਸ਼ਹਿਰ ਵਿੱਚ ਪਿੱਛਲੇ ਲੰਮੇਂ ਸਮੇਂ ਤੋਂ ਮੇਨ ਬਜ਼ਾਰ, ਮਲਸੀਆਂ ਰੋਡ, ਮੋਗਾ ਰੋਡ, ਗੁਰਦੁਆਰਾ ਰੋਡ, ਸਬਜ਼ੀ ਮੰਡੀ ਰੋਡ ਅਤੇ ਸਿਵਲ ਹਸਪਤਾਲ ਰੋਡ ’ਤੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਅਕਸਰ ਹੀ ਸ਼ਹਿਰ ਵਿੱਚ ਭਾਰੀ ਜਾਮ ਲੱਗਾ ਰਹਿੰਦਾ ਹੈ, ਜਿਸ ਸਬੰਧੀ ਹਿਊਮਨ ਰਾਇਟਸ ਪ੍ਰੈੱਸ ਕਲੱਬ ਸ਼ਾਹਕੋਟ ਵੱਲੋਂ ਜਦ ਇਹ ਸਮੱਸਿਆ ਐੱਸ.ਡੀ.ਐੱਮ. ਸ਼ਾਹਕੋਟ ਡਾ. ਚਾਰੂਮਿਤਾ ਦੇ ਧਿਆਨ ਵਿੱਚ ਲਿਆਦੀ ਗਈ ਤਾਂ ਉਨਾਂ ਵੱਲੋਂ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਗਈ ਸੀ, ਪਰ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ ਤੇ ਨਜਾਇਜ਼ ਕਬਜ਼ੇ ਜਿਊ ਦੇ ਤਿਊ ਹੀ ਰਹੇ, ਜਿਸ ਨੂੰ ਦੇਖਦਿਆ ਐੱਸ.ਡੀ.ਐੱਮ. ਸ਼ਾਹਕੋਟ ਦੀ ਅਗਵਾਈ ’ਚ ਨਗਰ ਪੰਚਾਇਤ ਸ਼ਾਹਕੋਟ ਦੇ ਮੁਲਾਜ਼ਮਾਂ ਵੱਲੋਂ ਪੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਬੀਤੀ ਸ਼ੁੱਕਰਵਾਰ ਨੂੰ ਨਿਰਪੱਖ ਕਾਰਵਾਈ ਕਰਦਿਆ ਦੁਕਾਨਦਾਰਾਂ ਅਤੇ ਰੇਹੜੀਆ ਵਾਲਿਆ ਦਾ ਸਮਾਨ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਅਤੇ ਦੁਕਾਨਦਾਰਾਂ ਤੇ ਰੇਹੜੀਆ ਵਾਲਿਆ ਨੂੰ ਮੁੜ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਸੀ। ਸੋਮਵਾਰ ਸ਼ਾਮ ਜਦ ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਸ਼ਹਿਰ ਵਿੱਚ ਮੁੜ ਟ੍ਰੈਫਿਕ ਜਾਮ ਦੇਖਿਆ ਗਿਆ ਤਾਂ ਉਨਾਂ ਨਗਰ ਪੰਚਾਇਤ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਪੁਲਿਸ ਦੇ ਸਹਿਯੋਗ ਨਾਲ ਦੁਕਾਨਦਾਰਾਂ ਅਤੇ ਰੇਹੜੀਆ ਵਾਲਿਆ ਵੱਲੋਂ ਸੜਕ ਦੇ ਦੋਵੇਂ ਪਾਸੇ ਰੱਖਿਆ ਨਜਾਇਜ਼ ਸਮਾਨ ਕਬਜ਼ੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਨੂੰ ਹੱਥਾਂ-ਪੈਰਾ ਦੀ ਪੈ ਗਈ। ਇਸ ਕਾਰਵਾਈ ਦੌਰਾਨ ਦੁਕਾਨਦਾਰ ਅਤੇ ਰੇਹੜੀਆ ਵਾਲੇ ਆਪਣਾ ਸੜਕ ’ਤੇ ਪਿਆ ਨਜਾਇਜ਼ ਸਮਾਨ ਚੁੱਕਦੇ ਭੱਜਦੇ ਦੇਖੇ ਗਏ। ਇਸ ਮੌਕੇ ਡਾ. ਚਾਰੂਮਿਤਾ ਐੱਸ.ਡੀ.ਐੱਮ. ਸ਼ਾਹਕੋਟ ਨੇ ਕਿਹਾ ਕਿ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਦੁਕਾਨਦਾਰ ਅਤੇ ਰੇਹੜੀਆ ਵਾਲੇ ਬਜ਼ਾਰ ਵਿੱਚ ਨਜਾਇਜ਼ ਕਬਜ਼ੇ ਕਰ ਰਹੇ ਹਨ, ਜਿਸ ਕਾਰਨ ਅਕਸਰ ਭਾਰੀ ਜਾਮ ਲੱਗਾ ਰਹਿੰਦਾ ਹੈ। ਉਨਾਂ ਕਿਹਾ ਕਿ ਨਜਾਇਜ਼ ਕਬਜ਼ੇ ਕਰਨ ਵਾਲਿਆ ਖਿਲਾਫ਼ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਜਿਨਾਂ ਦਾ ਵੀ ਸਮਾਨ ਫੁੱਟਪਾਥ ਜਾਂ ਸੜਕ ’ਤੇ ਨਜਾਇਜ਼ ਪਿਆ ਦੇਖਿਆ ਗਿਆ ਤਾਂ ਉਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆ ਜੁਰਮਾਨਾ ਵੀ ਕੀਤਾ ਜਾਵੇਗਾ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਨਜਾਇਜ਼ ਕਬਜ਼ੇ ਨਾ ਕਰਨ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਸਬੰਧੀ ਪ੍ਰਸਾਸ਼ਨ ਨੂੰ ਸਹਿਯੋਗ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਕੋਟਲੀ ਕਲਰਕ, ਰਜਿੰਦਰ ਕੁਮਾਰ ਜੇ.ਏ., ਸੀਮਾ ਰਾਣੀ ਕਲਰਕ, ਜਸਕਰਨ ਸਿੰਘ, ਪ੍ਰੀਤੀ ਨਾਹਰ, ਪ੍ਰਭਜੋਤ, ਅੰਕਿਤ ਕੁਮਾਰ, ਵਿਕਰਮਜੀਤ ਸਿੰਘ, ਸੁਨੀਲ ਕੁਮਾਰ, ਮਨੋਜ ਕੁਮਾਰ, ਜੀਤ ਪਾਲ, ਅਜੈ ਕੁਮਾਰ, ਸ਼ੀਸਪਾਲ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *