RNI NEWS :- ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਗਰੂਕਤਾ ਲਈ ਨਵਾਂਸ਼ਹਿਰ ਬਲਾਕ ਦੇ ਸਰਪੰਚਾਂ ਦਾ ਲੰਗੜੋਆ ਵਿਖੇ ਲਾਇਆ ਗਿਆ ਕੈਂਪ

ਮੁਫ਼ਤ ਕਾਨੂੰਨੀ ਸੇਵਾਵਾਂ ਤਹਿਤ ਚਲਦੀਆਂ ਸਕੀਮਾਂ ਜਾਂ ਸਰਕਾਰੀ ਸਹੂਲਤ ਦਾ ਲਾਭ ਨਾ ਮਿਲਣ ਸਬੰਧੀ ਹੈਲਪ ਡੈਸਕ ’ਤੇ ਕੀਤੀ ਜਾ ਸਕੇਗੀ ਸ਼ਿਕਾਇਤ-ਸੀ ਜੇ ਐਮ ਹਰਪ੍ਰੀਤ ਕੌਰ

ਨਵਾਂਸ਼ਹਿਰ :- ਵਾਸਦੇਵ ਪਰਦੇਸੀ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਨਾਲ ਸਬੰਧਤ 101 ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦੇਣ ਲਈ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਏਐਸ ਗਰੇਵਾਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ’ਤੇ ਜਾਗਰੂਕਤਾ ਸੈਮੀਨਾਰ ਪਿੰਡ ਲੰਗੜੋਆ ਵਿਖੇ ਲਾਇਆ ਗਿਆ ਇਸ ਸੈਮੀਨਾਰ ਵਿੱਚ ਮੁਖਤਿਆਰ ਸਿੰਘ ਪੰਚਾਇਤ ਅਫ਼ਸਰ, ਕੇਵਲ ਸਿੰਘ ਸੁਪਰਡੈਂਟ ਜਸਵਿੰਦਰ ਸਿੰਘ ਬੀਡੀਪੀਓ,ਐਸਐਸ ਝਿੱਕਾ, ਐਡਵੋਕੇਟ ਤੇ ਹੋਰ ਪੰਤਵੰਤੇ ਵੀ ਹਾਜ਼ਰ ਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਸਬੰਧਤ ਲਾਭਾਂ ਦੀ ਵਧੇਰੇ ਜਾਣਕਾਰੀ ਵਾਸਤੇ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਸਬੰਧੀ, ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਹੂਲਤ ਦਾ ਲਾਭ ਨਾ ਮਿਲਣ ਸਬੰਧੀ ਆਪਣੀ ਸਮੱਸਿਆ ਲਿਖਤੀ ਰੂਪ ਵਿੱਚ ਆਪਣੇ ਹੀ ਪਿੰਡ ਵਿੱਚ ਖੋਲ੍ਹੇ ਗਏ ਹੈਲਪ ਡੈਸਕ ’ਤੇ ਰੱਖੇ ਗਏ ਰਜਿਸਟਰ ਵਿੱਚ ਨੋਟ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਦੇ ਹੱਲ ਵਾਸਤੇ ਅਥਾਰਟੀ ਵੱਲੋਂ ਯਤਨ ਕੀਤੇ ਜਾਣਗੇ ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਪੱਧਰ ’ਤੇ ਲੋਕਾਂ ਦੀ ਸਮੱਸਿਆਵਾਂ ਹੱਲ ਕਰਨ ਵਾਸਤੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਮੁਹਾਲੀ ਦੇ ਚੇਅਰਮੈਨ ਜਸਟਿਸ ਸ਼੍ਰੀ ਆਰਕੇ ਜੈਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਹੈਲਪ ਡੈਸਕ ਖੋਲ੍ਹੇ ਜਾ ਰਹੇ ਹਨ ਇਸੇ ਮੁਹਿੰੰਮ ਤਹਿਤ ਬਲਾਕ ਬੰਗਾ ਦੇ 88 ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਪੈਰਾਲੀਗਲ ਵਾਲੰਟੀਅਰ ਦੀਆਂ 12 ਟੀਮਾਂ ਰਾਹੀਂ ਹੈਲਪ ਡੈਸਕ ਸਥਾਪਿਤ ਕੀਤੇ ਜਾ ਚੁੱਕੇ ਹਨ ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਸਬੰਧਤ ਸਕੀਮਾਂ ਅਤੇ ਹੋਰ ਕਾਨੂੰਨੀ ਜਾਣਕਾਰੀ ਤੇ ਸਲਾਹ ਮੁਫ਼ਤ ਲੈਣ ਵਾਸਤੇ 1968 ਹੈਲਪ ਲਾਈਨ ਨੰਬਰ ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਖੋਲ੍ਹੇ ਗਏ ਹੈਲਪ ਡੈਸਕ ’ਤੇ ਜ਼ਰੂਰਤਮੰਦ ਲੋਕ ਆਪਣੀਆਂ ਸਮੱਸਿਆ ਬਿਨ੍ਹਾਂ ਕਿਸੇ ਡਰ ਅਤੇ ਝਿਜਕ ਤੋਂ ਲਿਖ ਸਕਦੇ ਹਨ ਜਿਨ੍ਹਾਂ ’ਤੇ ਸਮੇਂ ਸਮੇਂ ’ਤੇ ਕਾਰਵਾਈ ਕਰਕੇ ਲਾਭਪਾਤਰੀਆਂ ਨੂੰ ਬਣਦਾ ਲਾਭ ਦਿੱਤਾ ਜਾਵੇਗਾ ਸੀਜੇਐਮ ਸ੍ਰੀਮਤੀ ਹਰਪ੍ਰੀਤ ਕੌਰ ਅਨੁਸਾਰ ਜ਼ਿਲ੍ਹੇ ’ਚ 14 ਸਤੰਬਰ ਨੂੰ ਕੌਮੀ ਲੋਕ ਅਦਾਲਤ ਵੀ ਲਾਈ ਜਾ ਰਹੀ ਹੈ, ਜਿੱਥੇ ਅਦਾਲਤ ’ਚ ਚਲਦੇ ਰਾਜ਼ੀਨਾਮਾ ਹੋਣ ਯੋਗ ਮੁਕੱਦਮਿਆਂ ਅਤੇ ਪ੍ਰੀ-ਲਿਟੀਗੇਟਿਵ ਸਟੇਜ ’ਤੇ ਪੁੱਜ ਚੁੱਕੇ ਮੁੱਕਦਮਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ’ਚ ਜਿੱਥੇ ਜਲਦ ਨਿਪਟਾਰਾ ਹੁੰਦਾ ਹੈ ਉੱਥੇ ਅਦਾਲਤੀ ਫ਼ੀਸ ਵੀ ਵਾਪਸ ਕੀਤੀ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਝਗੜਿਆਂ ਦਾ ਨਿਪਟਾਰਾ ਕੌਮੀ ਲੋਕ ਅਦਾਲਤ ਰਾਹੀਂ ਕਰਵਾ ਕੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *