RNI NEWS :- ਕੇ.ਵੀ.ਕੇ. ਲੰਗੜੋਆ ਵਲੋਂ ਪਿੰਡ ਮਜਾਰਾ ਖੁਰਦ ਵਿਖੇ ਪੰਜ ਦਿਨਾ ਕਿਸਾਨ ਸਿਖਲਾਈ ਕੈਂਪ ਸ਼ੁਰੂ

RNI NEWS :- ਕੇ.ਵੀ.ਕੇ. ਲੰਗੜੋਆ ਵਲੋਂ ਪਿੰਡ ਮਜਾਰਾ ਖੁਰਦ ਵਿਖੇ ਪੰਜ ਦਿਨਾ ਕਿਸਾਨ ਸਿਖਲਾਈ ਕੈਂਪ ਸ਼ੁਰੂ

ਨਵਾਂ ਸ਼ਹਿਰ, 12 ਸਤੰਬਰ -ਵਾਸਦੇਵ ਪਰਦੇਸੀ 

ਖੇਤੀ ਰਹਿੰਦ-ਖੂਹੰਦ ਖਾਸ ਤੌਰ ਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਅਤੇ ਸਿਖਿਅਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਮਜਾਰਾ ਖੁਰਦ ਵਿਖੇ ਕੇਂਦਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਦੀ ਸੁਯੋਗ ਅਗਵਾਈ ਹੇਠ ਇਕ ਪੰਜ ਦਿਨਾ ਸਿਖਲਾਈ ਆਰੰਭ ਕੀਤੀ ਗਈ। ਇਸ ਸਿਖਲਾਈ ਕਾਰਜਸ਼ਾਲਾ ਚ ਕੇਂਦਰੀ ਜਲ ਸ਼ਕਤੀ ਅਭਿਆਨ ਅਧੀਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਲਾਹਕਾਰ,ਸ਼੍ਰੀ ਰਾਮ ਕਰਨ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ ਇਸ ਮੌਕੇ ਸਿਖਲਾਈ ਦੇ ਆਰੰਭ ਵਿੱਚ ਡਾ. ਗੁਰਿੰਦਰ ਸਿੰਘ ਪਸ਼ੂ ਵਿਗਿਆਨ ਮਾਹਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨਾ ਲਈ ਉਪਲਬਧ ਵੱਖ-ਵੱਖ ਸਹੂਲਤਾਂ ਅਤੇ ਇਸ ਸਿਖਲਾਈ ਪ੍ਰੋਗਰਾਮ ਦੀ ਜ਼ਰੂਰਤ, ਉਦੇਸ਼ ਅਤੇ ਟੀਚਿਆਂ ਬਾਰੇ ਜਾਣੂੰ ਕਰਵਾਇਆ। ਡਾ ਬਲਜੀਤ ਸਿੰਘ ਪੌਦਾ ਰੋਗ ਮਾਹਰ ਨੇ ਵੱਖ-ਵੱਖ ਫਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਆਉੁਂਦੇ ਹਾੜੀ ਮੌਸਮ ਦੀਆਂ ਫਸਲਾਂ ਸਬੰਧੀ ਬੀਜ ਸੋਧ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਲ ਸ਼ਕਤੀ ਅਭਿਆਨ ਵਲੋਂ ਵਰਕਸ ਮੈਨੇਜਰ ਸ਼੍ਰੀ ਜੋਗਾ ਸਿੰਘ ਨੇ ਕਿਸਾਨਾ ਨਾਲ ਪਾਣੀ ਦੀ ਸਾਂਭ-ਸੰਭਾਲ, ਸੁਚੱਜੀ ਵਰਤੋਂ ਅਤੇ ਬਾਰਿਸ਼ ਦੇ ਪਾਣੀ ਦੀ ਸਹੀ ਢੰਗ ਨਾਲ ਧਰਤੀ ਵਿੱਚ ਰੀਚਾਰਜ ਕਰਨ ਦੀਆਂ ਵਿਗਿਆਨਕ ਤਕਨੀਕਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਬਹੁਤ ਹੀ ਘੱਟ ਕੀਮਤ ਵਿੱਚ ਘਰੇਲੂ ਪੱਧਰ ਤੇ ਛੱਤਾਂ ਉਪਰ ਪੈਂਦੇ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦਾ ਇਕ ਪ੍ਰੈਕਟੀਕਲ ਮਾਡਲ ਵੀ ਕਿਸਾਨ ਵੀਰਾਂ ਨਾਲ ਸਾਂਝਾ ਕੀਤਾ। ਜਲ ਸ਼ਕਤੀ ਅਭਿਆਨ ਦੇ ਵਿੱਤੀ ਸਲਾਹਕਾਰ ਸ਼੍ਰੀ ਰਾਮ ਕਰਨ ਜੀ ਨੇ ਕਿਸਾਨਾਂ ਨੂੰ ਜਲ ਸ਼ਕਤੀ ਅਭਿਆਨ ਅਧੀਨ ਕੀਤੀਆਂ ਗਈਆਂ ਹੁਣ ਤੱਕ ਦੀਆਂ ਕਾਰਵਾਈਆਂ ਬਾਰੇ ਜਾਣੂੰ ਕਰਵਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਕਿਸਾਨ ਵੀਰਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਡਾ ਮਨੋਜ ਸ਼ਰਮਾ ਐਸੋਸੀਏਟ ਡਾਇਰੈਕਟਰ ਨੇ ਪਰਾਲੀ ਅਤੇ ਖੇਤੀ ਰਹਿੰਦ ਖੂਹੰਦ ਦੀ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਯੂਨੀਵਰਸਿਟੀ ਅਤੇ ਕੇਵੀਕੇ ਲੰਗੜੋਆ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾ ਨੂੰ ਹਾੜੀ ਸੀਜ਼ਨ ਦੌਰਾਨ ਕਣਕ ਦੀ ਬਿਜਾਈ ਹੈਪੀ-ਸੀਡਰ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪਰਾਲੀ ਸਾਂਭ ਸੰਭਾਲ ਲਈ ਕੇਵੀਕੇ ਵਿਖੇ ਉਪਲਬਧ ਮਸ਼ੀਨਰੀ ਕਿਸਾਨਾਂ ਨੂੰ ਮੁਫਤ ਮੁਹਈਆ ਕਰਵਾਉਣ ਦਾ ਭਰੋਸਾ ਦਿਵਾਇਆ ਤਾਂ ਜੋ ਕਿਸਾਨ ਘੱਟ ਤੋਂ ਘੱਟ ਖਰਚੇ ਨਾਲ ਖੇਤੀ ਰਹਿੰਦ ਖੂਹੰਦ ਦੀ ਸੰਭਾਲ ਕਰ ਸਕਣ।ਸਿਖਲਾਈ ਪ੍ਰੋਗਰਾਮ ਦੇ ਪਹਿਲੇ ਦਿਨ ਦੇ ਅੰਤ ਵਿੱਚ ਮਾਸਟਰ ਜਰਨੈਲ ਸਿੰਘ ਪਿੰਡ ਮਜਾਰਾ ਕਲਾਂ ਨੇ ਕੇਵੀਕੇ ਦੇ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਪਿੰਡ ਦੇ ਕਿਸਾਨਾਂ ਵੱਲੋਂ ਫਸਲੀ ਰਹਿੰਦ ਖੂੰਹਦ ਸਬੰਧੀ ਮੁਹਿੰਮ ਵਿਚ ਪਿੰਡ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਦਾ ਸਿਖਲਾਈ ਵਿੱਚ ਸ਼ਾਮਲ ਹੋਣ ਤੇ ਹਾਰਦਿਕ ਸਵਾਗਤ ਕਰਦਿਆਂ ਕਿਸਾਨਾਂ ਨੂੰ ਕੇਵੀਕੇ ਵਿਗਿਆਨੀਆਂ ਨਾਲ ਪੂਰਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *