RNI NEWS :- ਸ਼ਾਹਕੋਟ ਨਜਦੀਕ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟਨਾ ਸ਼ੁਰੂ

RNI NEWS :- ਸ਼ਾਹਕੋਟ ਨਜਦੀਕ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟਨਾ ਸ਼ੁਰੂ

ਸ਼ਾਹਕੋਟ 20 ਅਗਸਤ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਸਤਲੁਜ ਦਰਿਆ ਵਿੱਚ ਭਾਵੇਂ ਮੰਗਲਵਾਰ ਸਵੇਰੇ ਤੋਂ ਪਾਣੀ ਦਾ ਪੱਧਰ ਘਟਨਾਂ ਸ਼ੁਰੂ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਦਰਿਆ ਦੇ ਨੀਵੇਂ ਇਲਾਕੇ ਪਿੰਡ ਬੂੜੇਵਾਲ ਵਿਖੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹਨ ਕਾਰਨ ਲੋਕ ਆਪਣੇ ਸਮਾਨ ਨੂੰ ਸੁਰੱਖਿਅਤ ਥਾਂਵਾਂ ਤੇ ਰੱਖ ਰਹੇ ਹਨ। ਇਸ ਤੋਂ ਇਲਾਵਾ ਬਲਾਕ ਮਹਿਤਪੁਰ ਦੇ ਪਿੰਡ ਖੁਰਲਾਪੁਰ ਵਿਖੇ ਦੇਰ ਰਾਤ ਦਰਿਆ ਅੰਦਰ ਲੱਗੀ ਨੋਚ ਵਿੱਚ 20-25 ਫੁੱਟ ਲੰਮਾਂ ਪਾੜ ਪੈ ਗਿਆ। ਇਸ ਸਬੰਧੀ ਜਦ ਸਵੇਰ ਸਮੇਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਮੌਕੇ ’ਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵੱਲੋਂ ਆਪਣੇ ਪੀ.ਏ. ਸੁਖਦੀਪ ਸਿੰਘ ਸੋਨੂੰ ਕੰਗ ਨੂੰ ਭੇਜਿਆ ਗਿਆ, ਜਿਨਾਂ ਵੱਲੋਂ ਨੋਚ ’ਤੇ ਖੁੱਦ ਨਾਲ ਹੋ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨੋਚ ਨੂੰ ਬੰਨ੍ਹ ਲਗਾਉਣ ਸਬੰਧੀ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਇੰਡੀਅਨ ਆਰਮੀ ਦੀ ਇੱਕ ਟੁਕੜੀ ਵੀ ਮੌਕੇ ’ਤੇ ਪਹੁੰਚੀ, ਜਿਸ ਵੱਲੋਂ ਪਿੰਡ ਵਾਸੀ ਦੇ ਸਹਿਯੋਗ ਨਾਲ ਨੋਚ ਨੂੰ ਮੁੜ ਜੋੜਨ ਦਾ ਕਾਰਜ ਆਰੰਭ ਕੀਤਾ ਗਿਆ। ਇਸ ਮੌਕੇ ਬਲਾਕ ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਦੀ ਸੰਗਤ ਵੱਲੋਂ ਲੰਗਰ ਤਿਆਰ ਕਰਕੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਬੈਠੇ ਪਿੰਡ ਬਾਊਪੁਰ, ਦਾਨੇਵਾਲ, ਬੂੜੇਵਾਲ, ਬਾਘੀਆਂ, ਖੁਰਲਾਪੁਰ ਆਦਿ ਦੇ ਲੋਕਾਂ ਨੂੰ ਲੰਗਰ ਛਕਾਇਆ ਗਿਆ। ਪਿੰਡ ਖੁਰਲਾਪੁਰ ਵਿਖੇ ਸਿਵਲ ਪ੍ਰਸਾਸ਼ਨ ਵੱਲੋਂ ਸੇਵਾ ਸਿੰਘ ਬੀ.ਡੀ.ਪੀ.ਓ. ਮਹਿਤਪੁਰ, ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਮਹਿਤਪੁਰ ਸਮੇਤ ਡਰੇਨਜ਼ ਵਿਭਾਗ ਦੇ ਜੇ.ਈ. ਅਮਿਤਪਾਲ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸੁਖਦੀਪ ਸਿੰਘ ਸੋਨੂੰ ਪੀ.ਏ. ਸ਼ੇਰੋਵਾਲੀਆਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੁਣ ਨੀਵਾਂ ਹੋ ਰਿਹਾ ਹੈ ਅਤੇ ਕਿਸੇ ਵੀ ਤਰਾਂ ਦੇ ਖਤਰੇ ਦੀ ਸੰਭਾਵਨਾ ਘੱਟ ਹੈ, ਪਰ ਜਿਨਾਂ ਸਮਾਂ ਦਰਿਆ ਦਾ ਪਾਣੀ ਆਮ ਵਾਂਗ ਨਹੀਂ ਵਹਿੰਦਾ, ਉਨੀ ਦੇਰ ਚੌਕਸ ਰਹਿਣ ਦੀ ਲੋੜ ਹੈ। ਉਨਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਅਤੇ ਪ੍ਰਸਾਸ਼ਨ ਵੱਲੋਂ ਬੰਨ੍ਹ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨਾਂ ਵੱਲੋਂ ਖੁੱਦ ਬੰਨ੍ਹ ਤੇ ਸਮਾਨ ਰੱਖ ਬੈਠੇ ਲੋਕਾਂ ਦੇ ਸਮਾਨ ਦੀ ਸੰਭਾਲ ਲਈ ਤਰਪਾਲਾ ਵੰਡੀਆਂ ਗਈਆਂ ਹਨ। ਉਨਾਂ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਮੌਜੂਦ ਹੈ ਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ

Leave a Reply

Your email address will not be published. Required fields are marked *