RNI NEWS-ਸ਼੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਨੂੰ ਖੋਲਣਾ ਸੰਗਤਾਂ ਦੀ ਵੱਡੀ ਜਿੱਤ -ਸੰਤ ਨਿਰਮਲ ਦਾਸ


RNI NEWS-ਸ਼੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਨੂੰ ਖੋਲਣਾ ਸੰਗਤਾਂ ਦੀ ਵੱਡੀ ਜਿੱਤ -ਸੰਤ ਨਿਰਮਲ ਦਾਸ

ਜਲੰਧਰ 29 ਜੂਨ( ਜਸਵਿੰਦਰ ਬੱਲ)

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਨੂੰ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਵੱਲੋਂ ਪਿਛਲੇ ਸਾਲ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਤੋੜਿਆ ਗਿਆ ਅਤੇ ਮੁੱਖ ਦੁਆਰ ਅੱਗੇ ਦਿਵਾਰ ਬਣਾ ਕੇ ਸੰਗਤਾਂ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਗਿਆ ਸੀ। ਜਿਸ ਦੇ ਵਿਰੋਧ ਵਿੱਚ ਸਮੁੱਚਾ ਸੰਤ ਸਮਾਜ, ਸਮਾਜਿਕ ,ਧਾਰਮਿਕ, ਰਾਜਨੀਤਿਕ ਆਗੂਆਂ ਅਤੇ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਜਿਸ ਕਾਰਨ ਬਹੁਤ ਸਾਰੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਲੋਕਾਂ ‘ਤੇ ਪਰਚੇ ਵੀ ਦਰਜ ਹੋਏ ਤੇ ਕਈਆਂ ਨੂੰ ਜੇਲ੍ਹ ਜਾਣਾ ਪਿਆ। ਅੱਜ ਸਰਕਾਰ ਵੱਲੋਂ ਉਸ ਦੀਵਾਰ ਨੂੰ ਹਟਾ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਸੰਗਤਾਂ ਦੇ ਦਰਸ਼ਨਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਨੇ ਕਿਹਾ ਕਿ ਦਿੱਲੀ ਮੰਦਰ ਦੇ ਗੇਟ ਖੁੱਲ੍ਹਣ ਨਾਲ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਤਿਗੁਰ ਰਵਿਦਾਸ ਜੀ ਨੂੰ ਮੰਨਣ ਵਾਲੀਆ ਸੰਗਤਾਂ ਦੀ ਜਿੱਤ ਹੈਂ। ਅਜਿਹਾ ਕਰਨਾ ਸਰਕਾਰ ਦਾ ਸ਼ਲਾਘਾਯੋਗ ਕੰਮ ਹੈ ਅਤੇ ਅਸੀਂ ਭਾਰਤ ਤੇ ਦਿੱਲੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਨਾਲ ਇਸ ਮੰਦਰ ਲਈ ਸੰਘਰਸ਼ ਕਰਨ ਵਾਲੇ ਸਮੁੱਚੇ ਸੰਤ ਸਮਾਜ ,ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ, ਸਮੁੱਚੇ ਰਵਿਦਾਸੀਆ ਸਮਾਜ ਦਾ ਧੰਨਵਾਦ ਕਰਦੇ ਹਾਂ ,ਜਿਨ੍ਹਾਂ ਨੇ ਇਸ ਮੰਦਰ ਲਈ ਵੱਡਾ ਸੰਘਰਸ਼ ਕੀਤਾ। ਇਸ ਸਬੰਧੀ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਆਲੀਸ਼ਾਨ ਮੰਦਰ ਮੁੜ ਉਸੇ ਜਗ੍ਹਾ ਉਸਾਰਿਆ ਜਾਵੇ ਅਤੇ ਉਸ ਦੇ ਨਾਲ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਇਕ ਯੁਨੀਵਰਸਿਟੀ ਵੀ ਬਣਾਈ ਜਾਵੇ ।

Leave a Reply

Your email address will not be published. Required fields are marked *