RNI NEWS :- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵਾਂਸ਼ਹਿਰ ਅਤੇ ਬਲਾਚੌਰ ਸਬ ਡਵੀਜ਼ਨਾਂ ਦੇ ਦਰਿਆ ਸਤਲੁਜ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਜਾਣ ਦੇ ਆਦੇਸ਼

RNI NEWS :- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵਾਂਸ਼ਹਿਰ ਅਤੇ ਬਲਾਚੌਰ ਸਬ ਡਵੀਜ਼ਨਾਂ ਦੇ ਦਰਿਆ ਸਤਲੁਜ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਜਾਣ ਦੇ ਆਦੇਸ਼

ਨਵਾਂਸ਼ਹਿਰ/ਬਲਾਚੌਰ, 18 ਅਗਸਤ-(ਤੇਜ ਪ੍ਰਕਾਸ਼ ਖਾਸਾ)

ਦਰਿਆ ਸਤਲੁਜ ’ਚ ਪਾਣੀ ਦੇ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਐਸ ਡੀ ਐਮ ਨਵਾਂਸ਼ਹਿਰ ਤੇ ਐਸ ਡੀ ਐਮ ਬਲਾਚੌਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਜੋ ਕਿ ਖੁਦ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੂੰ ਨਾਲ ਲੈ ਕੇ ਦਰਿਆ ਸਲਤੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਨਵਾਂਸ਼ਹਿਰ ਦੇ ਪਿੰਡ ਤਾਜੋਵਾਲ-ਮੰਢਾਲਾ ਅਤੇ ਬਲਾਚੌਰ ਦੇ ਪਿੰਡ ਬੇਲਾ-ਤਾਜੋਵਾਲ ਪੁੱਜੇ ਸਨ, ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਇਸੇ ਲਈ ਪਾਣੀ ਦੇ ਵਧ ਰਹੇ ਪੱਧਰ ਨੂੰ ਦੇਖਦਿਆਂ ਜਿੱਥੇ ਜਲੰਧਰ ਤੋਂ ਫ਼ੌਜ ਨੂੰ ਸੱਦ ਲਿਆ ਗਿਆ ਹੈ ਉੱਥੇ ਜ਼ਿਲ੍ਹੇ ਦੇ ਸਿਵਲ, ਪੁਲਿਸ, ਮਾਲ, ਪੰਚਾਇਤ, ਡਰੇਨੇਜ, ਖੁਰਾਕ ਤੇ ਸਪਲਾਈ, ਪਸ਼ੂ ਪਾਲਣ,ਸਿਹਤ ਵਿਭਾਗ ਅਤੇ ਹੋਰਨਾਂ ਮਹਿਕਮਿਆਂ ਨੂੰ ਖਬਰਦਾਰ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਜੋ ਕਿ ਆਪਣੇ ਹਲਕੇ ’ਚ ਪੈਂਦੇ ਧੁੱਸੀ ਬੰਨ੍ਹ ਦੇ ਜਾਇਜ਼ੇ ਲਈ ਉੱਥੇ ਪੁੱਜੇ, ਨੇ ਡਿਪਟੀ ਕਮਿਸ਼ਨਰ ਨੂੰ ਇਸ ਥਾਂ ’ਤੇ ਬੰਨ੍ਹ ਨੂੰ ਲੱਗੀ ਢਾਹ ’ਤੇ ਚੱਲ ਰਹੀ ਮੁਰੰਮਤ ਨੂੰ ਦਿਨ-ਰਾਤ ਕੰਮ ਕਰਵਾ ਕੇ ਮਜ਼ਬੂਤ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਡਰੇਨੇਜ ਵਿਭਾਗ ਵੱਲੋਂ ਬੰਨ੍ਹ ਦੀ ਮਜ਼ਬੂਤੀ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਹਰ ਹਾਲ ਕੀਤੀ ਜਾਵੇਗੀ। ਬੇਲਾ-ਤਾਜੋਵਾਲ ਦੇ ਦੌਰੇ ਦੌਰਾਨ ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੀ ਮੌਜੂਦ ਸਨ, ਨੇ ਡਿਪਟੀ ਕਮਿਸ਼ਨਰ ਨੂੰ ਜਿੱਥੇ ਸਤਲੁਜ ਬੰਨ੍ਹ ਦੀ ਨਾਜ਼ੁਕ ਸਥਿਤੀ ਦਿਖਾਈ ਉੱਥੇ ਇਸ ਦੇ ਮੁਰੰਮਤ ਕਾਰਜਾਂ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਦੀ ਅਗਵਾਈ ’ਚ ਡਰੇਨੇਜ ਵਿਭਾਗ, ਪੰਚਾਇਤ ਵਿਭਾਗ ਅਤੇ ਪੁਲਿਸ ਬੰਨ੍ਹ ਦੀ ਮੁਰੰਮਤ ਲਈ ਪੂਰੀ ਮੁਸਤੈਦ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਰੱਖੀ ਜਾਵੇਗੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂਸ਼ਹਿਰ ਸਬ ਡਵੀਜ਼ਨ ਦੇ ਦਰਿਆ ਦੀ ਮਾਰ ਹੇਠ ਆਉਂਦੇ 41 ਪਿੰਡਾਂ ’ਚ ਪੰਦਰਾਵਲ, ਨੰਗਲ ਜੱਟਾਂ, ਬੁਰਜ ਟਹਿਲ ਦਾਸ, ਫਾਂਬੜਾ, ਬੇਗੋਵਾਲ, ਖੜਕੂਵਾਲ, ਜੁਲਾਜ ਮਾਜਰਾ, ਤਾਜਪੁਰ,ਖੋਜਾ,ਮਿਰਜਾਪੁਰ,ਤਲਵੰਡੀ ਸਿੱਬੂ, ਦਰਿਆਪੁਰ, ਬੈਰਸਾਲ, ਲਾਲੇਵਾਲ, ਮਹੱਦੀਪੁਰ ਕਲਾਂ, ਮਹੱਦੀਪੁਰ ਖੁਰਦ, ਮੰਢਾਲਾ, ਮਹਿੰਦੀਪੁਰ, ਸੈਦਾਪੁਰ ਕਲਾਂ/ਸੈਦਪੁਰ ਖੁਰਦ,ਨਿਆਮਤਪੁਰ, ਸ਼ੇਖਾ ਮਜਾਰਾ, ਗੜ੍ਹੀ ਫ਼ਤਿਹ ਖਾਂ,ਉਧੋਵਾਲ,ਰਤਨਾਣਾ,ਠਠਿਆਲਾ,ਹੁਸੈਨਪੁਰ, ਸੁਲਤਾਨਪੁਰ, ਨੀਲੋਵਾਲ, ਦਿਲਾਵਰਪੁਰ, ਬਹਿਲੂਰ ਕਲਾਂ, ਨੰਗਲ ਛਾਂਗਾ, ਫੂਲ ਮਕੌੜੀ, ਚਕਲੀ ਸੁਜਾਇਤ, ਸਬੱਲਪੁਰ,ਤਾਜੋਵਾਲ,ਆਲੋਵਾਲ,ਧੈਂਗੜਪੁਰ, ਮਲਕਪੁਰ, ਝੂੰਗੀਆਂ, ਬਹਿਲੂਰ ਖੁਰਦ, ਚੱਕ ਇਲਾਹੀ ਬਖਸ਼ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਬਲਾਚੌਰ ਸਬ ਡਵੀਜ਼ਨ ਦੇ 26 ਪਿੰਡ ਦਰਿਆ ਸਤਲੁਜ ਦੀ ਮਾਰ ’ਚ ਆਉਂਦੇ ਹਨ ਅਤੇ ਉੱਥੇ ਵੀ ਐਸ ਡੀ ਐਮ ਬਲਾਚੌਰ ਨੂੰ ਪੂਰਾ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ। ਬਲਾਚੌਰ ਸਬ ਡਵੀਜ਼ਨ ਦੇ ਇਨ੍ਹਾਂ ਪਿੰਡਾਂ ’ਚ ਅਰਾਜੀ ਦਰਿਆ ਬਰਾਮਦ ਰੈਲ, ਅਰਾਜੀ ਦਰਿਆ ਬਰਾਮਦ ਬੇਲਾ ਤਾਜੋਵਾਲ, ਬੇਲਾ ਤਾਜੋਵਾਲ, ਐਮਾ, ਚਾਹਲ, ਕੁਹਾਰ, ਭੇਡੀਆ, ਘੁੜਕਾਂ, ਹਸਨਪੁਰ ਕਲਾਂ, ਹਸਨਪੁਰ ਖੁਰਦ, ਮੰਡੇਰ, ਦੁਭਾਲੀ, ਅਰਾਜ਼ੀ ਦਰਿਆ ਬਰਾਮਦ ਪਰਾਗਪੁਰ, ਪਰਾਗਪੁਰ, ਮੁਬਾਰਕਪੁਰ, ਸਰੰਗਪੁਰ ਪੰਜ ਪੇਡਾ, ਹੇਡੋਂ, ਭਾਈਪੁਰ, ਠਠਿਆਲਾ ਬੇਟ, ਡੁਗਰੀ, ਨਾਨੋਵਾਲ, ਔਲੀਆਪੁਰ, ਖੋਜਾ ਬੇਟ, ਨਿਆਣਾ, ਬੰਗਾ ਬੇਟ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਖਿਆ ਅਫ਼ਸਰ ਨੂੰ ਨੇੜਲੇ ਸੁਰੱਖਿਅਤ ਇਲਾਕਿਆਂ ਦੇ ਸਕੂਲਾਂ ਨੂੰ ਖੋਲ੍ਹਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ’ਚ ਇਨ੍ਹਾਂ ਸਕੂਲਾਂ ਨੂੰ ਰਾਹਤ ਕੈਂਪਾਂ ਵਜੋਂ ਵਰਤਿਆ ਜਾ ਸਕੇ।
ਡਿਪਟੀ ਕਮਿਸ਼ਨਰ ਅਨੁਸਾਰ ਦੁਪਹਿਰ ਤੱਕ ਰੋਪੜ ਹੈਡ ਵਰਕਸ ਤੋਂ ਛੱਡੇ ਜਾ ਰਹੇ ਪਾਣੀ ’ਤੇ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਹੰਗਾਮੀ ਹਾਲਾਤ ਬਣਨ ’ਤੇ ਤੁਰੰਤ ਬਚਾਅ ਕਾਰਜ ਆਰੰਭੇ ਜਾ ਸਕਣ। ਉਨ੍ਹਾਂ ਦੱਸਿਆ ਕਿ ਰੋਪੜ ਹੈਡ ਵਰਕਸ ਤੋਂ ਪਾਣੀ ਨਵਾਂਸ਼ਹਿਰ ਤੱਕ ਪੁੱਜਣ ’ਚ 6 ਤੋਂ 8 ਘੰਟੇ ਲੱਗਦੇ ਹਨ ਇਸ ਲਈ ਪ੍ਰਸ਼ਾਸਨ ਇਸ ਸਮੇਂ ਨੂੰ ਆਮ ਲੋਕਾਂ ਦੀ ਸੁਰੱਖਿਆ ਲਈ ਵਰਤ ਰਿਹਾ ਹੈ ਅਤੇ ਸਮੂਹ ਪਿੰਡਾਂ ’ਚ ਲੋਕਾਂ ਨੂੰ ਦਰਿਆ ਨੇੜਲਾ ਇਲਾਕਾ ਛੱਡ ਕੇ ਆਪਣੇ ਪਸ਼ੂ ਤੇ ਲੋੜੀਂਦਾ ਸਮਾਨ ਲੈ ਕੇ ਸੁਰੱਖਿਅਤ ਥਾਂਵਾਂ ’ਤੇ ਜਾਣ ਲਈ ਆਖ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਫ਼ੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨੂੰ ਬੁਲਾ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਬਲਾਚੌਰ ਅਤੇ ਨਵਾਂਸ਼ਹਿਰ ਵਿਖੇ ਠਹਿਰਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨਾਲ ਮੌਜੂਦ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਦਰਿਆ ਨਾਲ ਲਗਦੇ ਥਾਣਿਆਂ ਦੇ ਐਸ ਐਚ ਓਜ਼ ਨੂੰ ਧੁੱਸੀ ਬੰਨ੍ਹ ’ਤੇ ਨਿਰੰਤਰ ਨਿਗਰਾਨੀ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐਸ ਪੀ (ਐਚ) ਹਰੀਸ਼ ਦਿਆਮਾ ਨੂੰ ਆਰਮੀ ਅਤੇ ਐਨ ਡੀ ਆਰ ਐਫ਼ ਨਾਲ ਤਾਲਮੇਲ ਦੀ ਜ਼ਿੰਮੇਂਵਾਰੀ ਸੌਂਪੀ ਗਈ ਹੈ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ’ਚ ਸਬੰਧਤ ਪਿੰਡ ਜਾਂ ਇਲਾਕੇ ’ਚ ਫੌਜ/ਐਨ ਡੀ ਆਰ ਐਫ ਟੀਮ ਨੂੰ ਪੁੱਜਣ ’ਚ ਜ਼ਿਆਦਾ ਸਮਾਂ ਨਾ ਲੱਗੇ।
ਸ੍ਰੀ ਬਬਲਾਨੀ ਅਨੁਸਾਰ ਗੋਤਾਖੋਰਾਂ, ਕਿਸ਼ਤੀਆਂ, ਟੈਂਟ, ਪਸ਼ੂਆਂ ਲਈ ਚਾਰੇ, ਮੈਡੀਕਲ ਟੀਮਾਂ, ਵੈਟਰਨਰੀ ਟੀਮਾਂ, ਰਾਹਤ ਕੈਂਪਾਂ ਲਈ ਰਾਸ਼ਨ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪ੍ਰਸ਼ਾਸਨ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਦਰਿਆ ਸਤਲੁਜ ਨੇੜਲੇ ਪਿੰਡਾਂ ’ਚੋਂ ਸੁਰੱਖਿਅਤ ਥਾਂਵਾਂ ’ਤੇ ਜਾਣ ਦੀ ਅਪੀਲ ਕਰਦਿਆਂ ਕਿਸੇ ਵੀ ਹੰਗਾਮੀ ਹਾਲਤ ਦੀ ਸੂਰਤ ’ਚ ਨਵਾਂਸ਼ਹਿਰ ਵਿਖੇ ਬਣਾਏ 24 ਘੰਟੇ ਚੱਲਣ ਵਾਲੇ ਹੜ੍ਹ ਕੰਟਰੋਲ ਰੂਮ 01823-505824, 01823-222426, 01823-220016 ਅਤੇ ਬਲਾਚੌਰ ਵਿਖੇ 01885-220075 ’ਤੇ ਸੰਪਰਕ ਕਰਨ।
ਫ਼ੋਟੋ ਕੈਪਸ਼ਨ: 18.08.19 ਤਾਜੋਵਾਲ ਮੰਢਾਲਾ 01: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਤਾਜੋਵਾਲ ਮੰਢਾਲਾ ਵਿਖੇ ਦਰਿਆ ਸਤਲੁਜ ਦਾ ਜਾਇਜ਼ਾ ਲੈਂਦੇ ਹੋਏ।
18.08.19 ਤਾਜੋਵਾਲ ਮੰਢਾਲਾ 02: ਵਿਧਾਇਕ ਅੰਗਦ ਸਿੰਘ ਤਾਜੋਵਾਲ ਮੰਢਾਲਾ ਵਿਖੇ ਦਰਿਆ ਸਤਲੁਜ ਦਾ ਜਾਇਜ਼ਾ ਲੈਂਦੇ ਹੋਏ।
18.08.19 ਤਾਜੋਵਾਲ ਮੰਢਾਲਾ 03: ਵਿਧਾਇਕ ਅੰਗਦ ਸਿੰਘ ਤਾਜੋਵਾਲ ਮੰਢਾਲਾ ਵਿਖੇ ਧੁੱਸੀ ਬੰਨ੍ਹ ਦੀ ਸਥਿਤੀ ਨੂੰ ;ਲੈ ਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਤਾਜੋਵਾਲ ਨਾਲ ਗੱਲਬਾਤ ਕਰਦੇ ਹੋਏ।
18.08.19 ਬੇਲਾ ਤਾਜੋਵਾਲ : ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਬੇਲਾ ਤਾਜੋਵਾਲ ਵਿਖੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ।

Leave a Reply

Your email address will not be published. Required fields are marked *