RNI NEWS :- 22 ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

RNI NEWS :- 22 ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਸ਼ਾਹਕੋਟ :- ਸਾਬੀ ਦਾਸੀਕੇ ਸ਼ਾਹਕੋਟ

ਦੋਆਬਾ ਸੱਭਿਆਚਾਰਕ ਕਲੱਬ ਵੱਲੋਂ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ‘ਚ ਪਿੰਡ ਸਾਦਿਕਪੁਰ ਵਿਖੇ ਕਰਵਾਇਆ ਗਿਆ 22 ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਬੀਤੀ ਦੇਰ ਸ਼ਾਮ ਸਮਾਪਤ ਹੋ ਗਿਅਾ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਸ਼ਾਹਕੋਟ ਸ. ਪਿਆਰਾ ਸਿੰਘ ਥਿੰਦ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਮਦਨ ਲਾਲ ਅਰੋੜਾ ਸ਼ਾਮਲ ਹੋਏ, ਜਦਕਿ ਵਿਸ਼ੇਸ ਮਹਿਮਾਨ ਵਜੋਂ ਕਾਂਗਰਸ ਦੇ ਬਲਾਕ ਪ੍ਰਧਾਨ ਸ. ਹਰਦੇਵ ਸਿੰਘ ਪੀਟਾ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ ਨੇ ਸ਼ਿਰਕਤ ਕੀਤੀੇ।ਮੇਲੇ ਦਾ ਉਦਘਾਟਨ ਸ. ਗੁਰਦਿਆਲ ਸਿੰਘ ਗਰੇਵਾਲ ਬਲਾਕ ਸੰਮਤੀ ਮੈਂਬਰ ਲੋਹੀਆਂ ਨੇ ਰੀਬਨ ਕੱਟ ਕੇ ਕੀਤਾ ਅਤੇ ਮੇਲੇ ਦੀ ਪ੍ਰਧਾਨਗੀ ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ, ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ, ਮੈਡਮ ਸੁਰਿੰਦਰ ਕੌਰ, ਤਰਨਦੀਪ ਸਿੰਘ ਰੂਬੀ ਫਾਰਮਾਸਿਸਟ ਅਫ਼ਸਰ ਸ਼ਾਹਕੋਟ ਸਾਂਝੇ ਤੌਰ ਤੇ ਕੀਤੀ।
ਮੇਲੇ ਸ਼ੁਰੂਆਤ ਗਾਇਕ ਅਰਸ਼ਦੀਪ ਸਮਾਇਲਪੁਰ ਨੇ ਆਪਣੇ ਗੀਤ ਨਾਲ ਕੀਤੀ। ਉਪਰੰਤ ਮਿਸ. ਪ੍ਰੀਆ ਸਹੋਤਾ ਤੇ ਮਿਸ. ਸਿਮਰਨ ਕੌਰ ਨੇ ਸੱਭਿਆਚਾਰਕ ਗੀਤ ਗਾ ਕੇ ਮੇਲੇ ਵਿੱਚ ਨਵਾਂ ਰੰਗ ਭਰਿਆ। ਸਨੀ ਸਹੋਤਾ ਨੇ ਦੋ ਗੀਤ ਗਾ ਕੇ ਮੇਲੇ ਨੂੰ ਅੱਗੇ ਤੋਰਿਆ, ਢਲਦੀ ਦੁਪਹਿਰ ਵੇਲੇ ਮੇਲਾ ਉਸ ਸਮੇਂ ਸਿਖਰਾਂ ਵੱਲ ਤੁਰ ਪਿਆ ਜਦੋਂ ਹਲਕੇ ਦੇ ਵਿਸ਼ਵ ਪ੍ਰਸਿੱਧ ਗਾਇਕ ਅਸ਼ੋਕ ਗਿੱਲ ਨੇ ਸਟੇਜ ਸੰਭਾਲੀ ਉਨ੍ਹਾਂ ਲੋਕਾਂ ਨੂੰ ਸੰਦੇਸ਼ ਵੰਡਦਾ ਗੀਤ ‘ਇਸ ਮੇਲੇ ਤੋਂ ਹੋ-ਹੋ ਦੁਨੀਆਂ ਮੁੜਦੀ ਜਾਂਦੀ ਹੈ’ ਤੇ ਆਪਣੇ ਹੋਰ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸੁਰੀਲੀ ਗਾਇਕ ਜੋੜੀ ਗਾਮਾ ਫਕੀਰ ਤੇ ਨੀਲੂ ਬੇਗਮ ਨੇ ‘ਸੋਹਣੀ ਦਾ ਘੜਾ’ ਗੀਤ ਪੇਸ਼ ਕਰਕੇ ਸਰੋਤਿਆਂ ਤੇ ਗਹਿਰੀ ਛਾਪ ਛੱਡੀ। ਫਿਰ ਯੂ.ਐਸ.ਏ. ਤੋਂ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਖਤਰ ਨੇ ਗਰੀਬੀ ਤੇ ਗਹਿਰੀ ਚੋਟ ਕਰਦਾ ਆਪਣਾ ਹਿੱਟ ਗੀਤ ਪੇਸ਼ ਕਰਕੇ ਦੱਬੇ-ਕੁਚਲੇ ਲੋਕਾਂ ਦੀ ਨਰਕਭਰੀ ਜਿੰਦਗੀ ਦੀ ਤਸਵੀਰ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਸ਼ਾਮ ਚਾਰ ਕੁ ਵਜੇ ਨਾਮਵਰ ਗਾਇਕ ਗੁਰਮੀਤ ਮੀਤ ਨੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਦੇਰ ਸ਼ਾਮ ਨੂੰ ਮੇਲੇ ਵਿੱਚ ਨਵਾਂ ਰੰਗ ਭਰਦਿਆਂ ਸੂਫੀ ਕਲਾਮ ਦੇ ਬਾਦਸ਼ਾਹ ਕੁਲਵਿੰਦਰ ਸ਼ਾਹਕੋਟੀ ਤੇ ਮੈਡਮ ਕੁਲਜੀਤ ਕੌਰ ਨੇ ਪਾਕਿਸਤਾਨੀ ਡਿਊਟ ਗੀਤ ‘ਗੋਰੀਏ ਮੈਂ ਜਾਣਾ ਪਰਦੇਸ’ ਗਾ ਕੇ ਮੇਲੇ ਦਾ ਮਹੌਲ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਵੀ ਆਪਣੇ ਇੱਕ ਗੀਤ ਨਾਲ ਮੇਲੇ ‘ਚ ਹਾਜ਼ਰੀ ਲਗਵਾਉਂਦਿਆ ਸਭ ਨੂੰ ਝੂਮਣ ਲਾ ਦਿੱਤਾ। ਤਾਰਿਆਂ ਦੀ ਲੋਅ ਵਿੱਚ ਪੱਦਮ ਸ਼੍ਰੀ ਹੰਸ ਰਾਜ ਹੰਸ ਦੇ ਲਾਡਲੇ ਸ਼ਗੀਰਦ ਦੀਪਕ ਹੰਸ ਨੇ ਸਟੇਜ ਸੰਭਾਲਦਿਆਂ ਹੀ ਸਰੋਤਿਆਂ ਨੂੰ ਦੁਬਾਰਾ ਘਰਾਂ ਵਿੱਚੋਂ ਬਾਹਰ ਆ ਕੇ ਭੰਡਾਲ ਵਿੱਚ ਬੈਠਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਆਪਣੇ ਹਿੱਟ ਗੀਤਾਂ ਨਾਲ ਆਪਣੀ ਪਰਪੱਕ ਗਾਇਕੀ ਦਾ ਲੋਹਾ ਮਨਵਾਉਂਦਿਆਂ ਇਸ ਮੇਲੇ ਵਿੱਚ ਹਰ ਸਾਲ ਹਾਜ਼ਰੀ ਭਰ ਕੇ ਇਸ ਮੇਲੇ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਉਣ ਦਾ ਵਾਅਦਾ ਕਰਦਿਆਂ ਪ੍ਰੋਗਰਾਮ ਸਮਾਪਤ ਕੀਤਾ।
ਮੇਲੇ ਵਿੱਚ ਸ. ਪਿਆਰਾ ਸਿੰਘ ਡੀ.ਐਸ.ਪੀ. ਸ਼ਾਹਕੋਟ ਨੂੰ ‘ਮਾਣ ਪੰਜਾਬ ਦਾ’ ਐਵਾਰਡ, ਲੋਕ ਗਾਇਕ ਦੀਪਕ ਹੰਸ ਨੂੰ ‘ਸੁਰਾਂ ਦਾ ਸ਼ਹਿਜ਼ਾਦਾ ਐਵਾਰਡ, ਲੋਕ ਗਾਇਕ ਗੁਰਮੀਤ ਮੀਤ ਨੂੰ ‘ਕੁਲਦੀਪ ਮਾਣਕ ਐਵਾਰਡ’ ਅਤੇ ਡਾ. ਗੁਰਪ੍ਰੀਤ ਸਿੰਘ ਰੂਰਲ ਮੈਡੀਕਲ ਅਫਸਰ ਤਲਵੰਡੀ ਸੰਘੇੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਮੇਲੇ ਦੇ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ ਨੇ ਮੇਲੇ ਵਿੱਚ ਸਹਿਯੋਗ ਦੇਣ ਵਾਲੇ ਪਿੰਡ ਵਾਸੀਆਂ ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨਾਂ ਆਪਣੇ ਜੀਵਨ ਵਿੱਚ ਇਸ ਮੇਲੇ ਨੂੰ ਲਗਾਤਾਰ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਸੱਭਿਆਚਾਰਕ ਮੇਲਿਆਂ ਚੋਂ ਲੱਚਰਤਾ ਦੀ ਨਾਮੁਰਾਦ ਬਿਮਾਰੀ ਨੂੰ ਖਤਮ ਕੀਤਾ ਜਾਵੇ ਕਿਉਂਕਿ ਅਜਿਹੇ ਲੱਚਰਤਾ ਰਹਿਤ ਮੇਲੇ ਜਿੱਥੇ ਲੋਕਾਂ ਨੂੰ ਜਾਗਰੂਕ ਹੋਣ ਦਾ ਸੰਦੇਸ਼ ਦਿੰਦੇ ਹਨ, ਉੱਥੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੇਸ਼ਾ ਵਿਦੇਸ਼ਾ ਵਿੱਚ ਬੈਠੇ ਸਮੂਹ ਪੰਜਾਬੀਆਂ ਨੂੰ ਅਜਿਹੇ ਲੱਚਰਤਾ ਰਹਿਤ ਮੇਲਿਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਲੱਚਰਤਾ ਤੇ ਸਮਾਜ ਵਿੱਚ ਫੈਲੀਆਂ ਹੋਰ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਮੇਲੇ ਦੌਰਾਨ ਬੀਰਬਲ ਨਾਹਰ ਨੂਰਮਹਿਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਗੁਰਬਖਸ਼ ਕੌਰ ਸਾਦਿਕਪੁਰ ਸਾਬਕਾ ਸਰਪੰਚ, ਸਬ ਇੰਸਪੈਕਟਰ ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਰੂਪਰਾ, ਸੋਢੀ ਢੀਂਡਸਾ, ਗੁਰਮੇਲ ਸਿੰਘ ਸਰਪੰਚ ਈਦਾ, ਅਮਰੀਕ ਸਿੰਘ ਈਦਾ, ਬਾਬਾ ਮਲਕੀਤ ਸਿੰਘ, ਰਾਹੁਲ ਨਾਹਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *